ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦਾ ਮਾਮਲਾ


ਸੌਦਾ ਸਾਧ ਅਤੇ ਸਿੱਖ ਕੌਮ ਦੇ ਵਕੀਲਾਂ ਵਿਚਾਲੇ 6 ਘੰਟੇ ਤਕ ਤਿੱਖੀ ਬਹਿਸ
ਬਠਿੰਡਾ, 1 ਫ਼ਰਵਰੀ (ਗੁਰਤੇਜ ਸਿੰਘ ਸਿੱਧੂ) : ਸੌਦਾ ਸਾਧ ਗੁਰਮੀਤ ਰਾਮ ਰਹੀਮ ਸਿੰਘ ਵਿਰੁਧ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਭੜਕਾਉਣ ਦੇ ਚਲ ਰਹੇ ਕੇਸ ਦੀ ਅੱਜ ਸਥਾਨਕ ਅਦਾਲਤ ਵਿਚ ਸੁਣਵਾਈ ਦੌਰਾਨ ਦੋਹਾਂ ਧਿਰਾਂ ਦੇ ਵਕੀਲਾਂ ਦਰਮਿਆਨ ਤਿੱਖੀ ਬਹਿਸ ਹੋਈ। ਵਧੀਕ ਸੈਸ਼ਨ ਜੱਜ ਦਿਲਬਾਗ਼ ਸਿੰਘ ਜੌਹਲ ਦੀ ਅਦਾਲਤ ਨੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੇਸ ਦੇ ਫ਼ੈਸਲੇ ਲਈ 8 ਫ਼ਰਵਰੀ 2013 ਦੀ ਤਰੀਕ ਨਿਰਧਾਰਤ ਕੀਤੀ ਹੈ। ਸੌਦਾ ਸਾਧ ਵਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਐਸ.ਕੇ. ਗਰਗ ਅਤੇ ਸਿੱਖਾਂ ਵਲੋਂ ਪ੍ਰਸਿੱਧ ਵਕੀਲ ਨਵਕਿਰਨ ਸਿੰਘ ਪੇਸ਼ ਹੋਏ। ਅਦਾਲਤ ਵਿਚ ਕਰੀਬ 6 ਘੰਟੇ ਲੰਮੀ ਬਹਿਸ ਚੱਲੀ। ਜ਼ਿਕਰਯੋਗ ਹੈ ਕਿ 20 ਮਈ 2007 ਨੂੰ ਸੌਦਾ ਸਾਧ ਵਿਰੁਧ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਾਰੇ ਇਥੇ ਕੋਤਵਾਲੀ ਥਾਣੇ ਵਿਚ ਖ਼ਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਬਠਿੰਡਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਦੀ ਸ਼ਿਕਾਇਤ ਦੇ ਆਧਾਰ ’ਤੇ ਧਾਰਾ 295-ਏ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਡੇਰਾ ਮੁਖੀ ਨੇ ਹਾਈ ਕੋਰਟ ਵਿਚੋਂ ਅਗਾਊਂ ਜ਼ਮਾਨਤ ਲਈ ਹੋਈ ਹੈ। ਸੌਦਾ ਸਾਧ ਵਿਰੁਧ ਦਰਜ ਕੇਸ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਸੀ ਜਦ ਬਠਿੰਡਾ ਪੁਲਿਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 27 ਜਨਵਰੀ ਨੂੰ ਅਦਾਲਤ ਵਿਚ ਕੇਸ ਖ਼ਾਰਜ ਕਰਨ ਦੀ ਅਪਣੀ ਰੀਪੋਰਟ ਪੇਸ਼ ਕਰ ਦਿਤੀ ਪਰ ਸ਼ਿਕਾਇਤ-ਕਰਤਾ ਰਾਜਿੰਦਰ ਸਿੰਘ ਸਿੱਧੂ ਅਤੇ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਵਾਲਿਆਂ ਨੇ ਅਦਾਲਤ ਵਿਚ ਪੇਸ਼ ਹੋ ਕੇ ਪੁਲਿਸ ਦੀ ਕੇਸ ਰੱਦ ਕਰਨ ਵਾਲੀ ਰੀਪੋਰਟ ਦਾ ਵਿਰੋਧ ਕਰਦਿਆਂ ਕੇਸ ਚਾਲੂ ਰੱਖਣ ਦੀ ਮੰਗ ਕੀਤੀ ਸੀ। ਬਠਿੰਡਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਹਰਜੀਤ ਸਿੰਘ ਨੇ ਸੌਦਾ ਸਾਧ ਵਿਰੁਧ ਕੇਸ ਅਦਾਲਤ ਵਿਚ ਚਾਲੂ ਰੱਖਣ ਅਤੇ ਡੇਰਾ ਮੁਖੀ ਨੂੰ
ਨਿੱਜੀ ਤੌਰ ’ਤੇ ਅਦਾਲਤ ਵਿਚ ਪੇਸ਼ ਹੋ ਕੇ ਜ਼ਮਾਨਤੀ ਬਾਂਡ ਦੇਣ ਦੇ ਆਦੇਸ਼ ਦਿਤੇ ਸਨ ਪਰ ਸੌਦਾ ਸਾਧ ਨੇ ਇਸ ਫ਼ੈਸਲੇ ਨੂੰ ਸੈਸ਼ਨ ਅਦਾਲਤ ਵਿਚ ਚੁਨੌਤੀ ਦਿਤੀ ਸੀ ਜਿਸ ਦੀ ਸੁਣਵਾਈ ਲਗਾਤਾਰ ਵਧੀਕ ਸੈਸ਼ਨ ਜੱਜ ਦਿਲਬਾਗ਼ ਸਿੰਘ ਦੀ ਅਦਾਲਤ ਵਲੋਂ ਕੀਤੀ ਜਾ ਰਹੀ ਹੈ। ਅੱਜ ਦੋਹਾਂ ਧਿਰਾਂ ਦੇ ਵਕੀਲਾਂ ਦਰਮਿਆਨ ਤਿੱਖੀ ਬਹਿਸ ਹੋਈ। ਸੌਦਾ ਸਾਧ ਦੇ ਵਕੀਲ ਐਸ.ਕੇ. ਗਰਗ ਨੇ ਕੇਸ ਨੂੰ ਅਤੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰਨ ਦੀਆਂ ਦਲੀਲਾਂ ਦਿਤੀਆਂ। ਉਸ ਨੇ ਅਦਾਲਤ ਨੂੰ ਦਸਿਆ ਕਿ ਸੌਦਾ ਸਾਧ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਧ ਦੇ ਵਕੀਲਾਂ ਵਲੋਂ ਕਿਤਾਬਾਂ ਦੇਣ ਦੀ ਕਾਰਵਾਈ ਦਾ ਸਿੱਖ ਕੌਮ ਦੇ ਵਕੀਲਾਂ ਨਵਕਿਰਨ ਸਿੰਘ ਤੇ ਜਸਪਾਲ ਸਿੰਘ ਮੰਝਪੁਰ ਨੇ ਵਿਰੋਧ ਕੀਤਾ ਜਿਸ ਕਾਰਨ ਦੋਹਾਂ ਧਿਰਾਂ ਦੇ ਵਕੀਲਾਂ ਵਿਚ ਤਿੱਖੀ ਨੋਕ-ਝੋਕ ਹੋਈ। ਸ਼ਿਕਾਇਤ-ਕਰਤਾ ਰਾਜਿੰਦਰ ਸਿੰਘ ਸਿੱਧੂ ਵਲੋਂ ਪੇਸ਼ ਹੋਏ ਨਵਕਿਰਨ ਸਿੰਘ ਨੇ ਅਦਾਲਤ ਨੂੰ ਦਸਿਆ ਕਿ ਇਹ ਕੇਸ ਸਿਰਫ਼ ਸ਼ਿਕਾਇਤ-ਕਰਤਾ ਨਾਲ ਹੀ ਸਬੰਧਤ ਨਹੀਂ ਸਗੋਂ ਪੂਰੀ ਦੁਨੀਆਂ ਦੇ ਸਿੱਖਾਂ ਨਾਲ ਸਬੰਧ ਰਖਦਾ ਹੈ। ਪੁਲਿਸ ਵਲੋਂ ਕੇਸ ਖ਼ਾਰਜ ਕਰਨ ਵਾਲੀ ਰੀਪੋਰਟ ਸਬੰਧੀ ਨਵਕਿਰਨ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਡੇਰੇ ਦੀਆਂ ਵੋਟਾਂ ਬਟੋਰਨ ਲਈ ਚੋਣਾਂ ਤੋਂ ਪਹਿਲਾਂ ਦਬਾਅ ਪਾ ਕੇ ਪੁਲਿਸ ਤੋਂ ਅਜਿਹਾ ਕਰਵਾਇਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕੇਸ ਖ਼ਾਰਜ ਰੀਪੋਰਟ ਨਾਲ ਨੱਥੀ ਕੀਤਾ ਹਲਫ਼ੀਆ ਬਿਆਨ ਸ਼ਿਕਾਇਤ-ਕਰਤਾ ਰਾਜਿੰਦਰ ਸਿੰਘ ਸਿੱਧੂ ਵਲੋਂ ਨਹੀਂ ਦਿਤਾ ਗਿਆ। ਉਨ੍ਹਾਂ ਅਦਾਲਤ ਪਾਸੋਂ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੇ ਫ਼ੈਸਲੇ ਨੂੰ ਕਾਇਮ ਰੱਖਣ ਅਤੇ ਛੇਤੀ ਚਲਾਨ ਪੇਸ਼ ਕਰਨ ਲਈ ਪੁਲਿਸ ਨੂੰ ਹਦਾਇਤ ਕਰਨ ਦੀ ਮੰਗ ਰੱਖੀ। ਕੇਸ ਦੀ ਸੁਣਵਾਈ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਥਾਣਾ ਸਿਵਲ ਲਾਈਨ ਦੇ ਐਸ.ਐਚ.ਓ. ਯੂ.ਸੀ. ਚਾਵਲਾ ਅਪਣੀ ਪੁਲਿਸ ਪਾਰਟੀ ਸਮੇਤ ਅਦਾਲਤ ਵਿਚ ਹਾਜ਼ਰ ਰਹੇ। ਇਸ ਮੌਕੇ ਬਾਬਾ ਹਰਦੀਪ ਸਿੰਘ, ਸੁਰਿੰਦਰ ਸਿੰਘ ਨਥਾਣਾ ਆਗੂ ਪੰਚ ਪ੍ਰਧਾਨੀ, ਜਤਿੰਦਰ ਰਾਏ ਖੱਟੜ ਐਡਵੋਕੇਟ, ਰਾਜਿੰਦਰ ਸਿੰਘ ਸਿੱਧੂ ਅਤੇ ਨਿਰਮਲ ਸਿੰਘ ਕੌਂਸਲਰ ਤੋਂ ਇਲਾਵਾ ਸੌਦਾ ਸਾਧ ਦੇ ਸਮਰਥਕ ਵੀ ਪੁੱਜੇ ਹੋਏ ਸਨ।
ਅਕਬਰ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਵਰਗੇ ਕਪੜੇ ਪਹਿਨੇ ਸਨ
ਸਾਧ ਦੇ ਵਕੀਲਾਂ ਨੇ ਅਦਾਲਤ ਨੂੰ ਦਸਿਆ
ਸੁਣਵਾਈ ਦੌਰਾਨ ਸੌਦਾ ਸਾਧ ਦੇ ਵਕੀਲਾਂ ਨੇ ਅਦਾਲਤ ਨੂੰ ਬਾਦਸ਼ਾਹ ਅਕਬਰ ਦੀ ਇਕ ਵੱਡੀ ਤਸਵੀਰ ਵੀ ਦਿਤੀ ਜਿਸ ਵਿਚ ਅਕਬਰ ਦੇ ਸੌਦਾ ਸਾਧ ਵਲੋਂ ‘ਜਾਮ-ਇ-ਇੰਸਾਂ’ ਪਿਆਉਣ ਸਮੇਂ ਪਹਿਨੇ ਹੋਏ ਕਪੜੇ ਪਾਏ ਹੋਏ ਸਨ। ਵਕੀਲਾਂ ਵਲੋਂ ਤਸਵੀਰ ਰਾਹੀਂ ਪ੍ਰਭਾਵ ਦੇਣ ਦਾ ਯਤਨ ਕੀਤਾ ਗਿਆ ਕਿ ਜੇ ਬਾਦਸ਼ਾਹ ਅਕਬਰ, ਗੁਰੂ ਗੋਬਿੰਦ ਵਰਗੇ ਕਪੜੇ ਪਹਿਨ ਸਕਦਾ ਹੈ ਤਾਂ ਫਿਰ ਸੌਦਾ ਸਾਧ ਕਿਉਂ ਨਹੀਂ? ਉਨ੍ਹਾਂ ਅਦਾਲਤ ਨੂੰ ਸੌਦਾ ਸਾਧ ਦੇ ਡੇਰੇ ਵਲੋਂ ਤਿਆਰ ਕੀਤੀਆਂ ਕਿਤਾਬਾਂ ਸੱਚਖੰਡ ਦੀ ਸੜਕ, ਬੰਦੇ ਤੇ ਰੱਬ ਸਮੇਤ ਹੋਰ ਕਈ ਪੁਸਤਕਾਂ ਦੇ ਕੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਕਿ ਸੌਦਾ ਸਾਧ ਗੁਰੂ ਸਾਹਿਬਾਨ ਦਾ ਪੂਰਾ ਸਤਿਕਾਰ ਕਰਦਾ ਹੈ।
source:spokesman

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई