ਮੁਕਤਸਰ ਸਾਹਿਬ ਨੂੰ ਸਰਕਾਰ ਦਾ ਤੋਹਫਾ, ਮਿਲੇ ਦੋ ਨਵੇਂ ਕੌਮੀ ਰਾਜਮਾਰਗ,ਅਬੋਹਰ ਡੱਬਵਾਲੀ ਬਰਾਸਤਾ ਸੀਤੋ-ਖੁੱਬਣ ਮਾਰਗ ਨੂੰ ਨੈਸ਼ਨਲ ਹਾਈਵੇ ਦਾ ਦਰਜਾ
ਫਿਰੋਜ਼ਪੁਰ ਮਲੋਟ ਬਰਾਸਤਾ ਸ੍ਰੀ ਮੁਕਤਸਰ ਸਾਹਿਬ ਅਤੇ ਅਬੋਹਰ ਡੱਬਵਾਲੀ ਬਰਾਸਤਾ ਸੀਤੋ-ਖੁੱਬਣ ਮਾਰਗ ਨੂੰ ਨੈਸ਼ਨਲ ਹਾਈਵੇ ਦਾ ਦਰਜਾ
#dabwalinews.com
ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਸੜਕੀ ਨੈਟਵਰਕ ਨੂੰ ਹੋਰ ਮਜਬੂਤ ਕਰਨ ਲਈ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਭਾਰਤ ਸਰਕਾਰ ਨੇ ਜ਼ਿਲੇ ਵਿਚੋਂ ਲੰਘਦੀਆਂ ਦੋ ਹੋਰ ਸੜਕਾਂ ਨੂੰ ਕੌਮੀ ਰਾਜ ਮਾਰਗ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ। ਫਿਰੋਜ਼ਪੁਰ ਤੋਂ ਮਲੋਟ ਬਰਾਸਤਾ ਸ੍ਰੀ ਮੁਕਤਸਰ ਸਾਹਿਬ ਅਤੇ ਅਬੋਹਰ ਤੋਂ ਡੱਬਵਾਲੀ ਬਰਾਸਤਾ ਸੀਤੋ-ਖੁੱਬਣ ਸੜਕ ਨੂੰ ਸਰਕਾਰ ਨੇ ਨੈਸ਼ਨਲ ਰਾਜ ਮਾਰਗ ਦਾ ਦਰਜਾ ਦਿੱਤਾ ਹੈ। ਇਸੇ ਤੋਂ ਪਹਿਲਾਂ ਪਿਛਲੇ ਸਾਲ ਜਲਾਲਾਬਾਦ ਕੋਟਕਪੂਰਾ ਰੋਡ ਬਰਾਸਤਾ ਸ੍ਰੀ ਮੁਕਤਸਰ ਸਾਹਿਬ ਨੂੰ ਨੈਸ਼ਨਲ ਹਾਈਵੇਅ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਗਿਆ ਸੀ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਇੱਥੇ ਦਿੱਤੀ।
ਸ: ਜਸਕਿਰਨ ਸਿੰਘ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੀਕੇ-ਮੱਲਾਂਵਾਲਾ-ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ- ਮਲੋਟ ਤੱਕ ਦੇ ਕੁੱਲ 128 ਕਿਲੋਮਿਟਰ ਲੰਬੇ ਮਾਰਗ ਨੂੰ ਕੌਮੀ ਰਾਜਮਾਰਗ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਸ ਹਿੱਸੇ ਵਿਚੋਂ ਲਗਭਗ 50 ਕਿਲੋਮੀਟਰ ਹਿੱਸਾ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਚ ਪੈਂਦਾ ਹੈ। ਪਹਿਲਾਂ ਸ੍ਰੀ ਮੁਕਤਸਰ ਸਾਹਿਬ ਤੋਂ ਫਿਰੋਜਪੁਰ ਰੋਡ ਐਮ.ਡੀ.ਆਰ. 71 ਅਤੇ ਸ੍ਰੀ ਮੁਕਤਸਰ ਸਾਹਿਬ ਮਲੋਟ ਰੋਡ ਸਟੇਟ ਹਾਈਵੇਅ ਨੰਬਰ 16 ਸੀ। ਪਹਿਲਾਂ ਫਿਰੋਜ਼ਪੁਰ ਰੋਡ ਦੀ ਚੋੜਾਈ 5.5 ਮੀਟਰ ਅਤੇ ਸ੍ਰੀ ਮੁਕਤਸਰ ਸਾਹਿਬ ਮਲੋਟ ਰੋਡ ਦੀ ਚੌੜਾਈ 7 ਮੀਟਰ ਹੈ। ਇਸੇ ਤਰਾਂ ਅਬੋਹਰ ਡੱਬਵਾਲੀ ਰੋਡ ਵਾਇਆ ਸੀਤੋ ਖੁੱਬਣ ਰੋਡ ਜੋ ਕੇ ਪਹਿਲਾਂ ਐਮ.ਡੀ.ਆਰ. 39 ਹੈ ਦੀ 56 ਕਿਲੋਮੀਟਰ ਲੰਬਾਈ ਨੂੰ ਵੀ ਕੌਮੀ ਰਾਜ ਮਾਰਗ ਦਾ ਦਰਜਾ ਦਿੱਤਾ ਗਿਆ ਹੈ। ਇਸ ਦਾ ਵੀ ਕੋਈ 26 ਕਿਲੋਮੀਟਰ ਹਿੱਸਾ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਚ ਪੈਂਦਾ ਹੈ। ਇਸ ਦੀ ਪਹਿਲਾਂ ਚੌੜਾਈ 5.5 ਮੀਟਰ ਹੈ।ਉਨਾਂ ਦੱਸਿਆ ਕਿ ਇਸ ਸਬੰਧੀ ਸਰਕਾਰ ਨੇ ਸਬੰਧਤ ਮਹਿਕਮੇ ਨੂੰ ਇੰਨਾਂ ਸੜਕਾਂ ਸਬੰਧੀ ਐਸਟੀਮੇਟ ਤਿਆਰ ਕਰਨ ਲਈ ਕਿਹਾ ਗਿਆ ਹੈ।
ਇਸ ਤੋਂ ਪਹਿਲਾਂ ਪਿਛਲੇ ਸਾਲ ਸਰਕਾਰ ਨੇ ਜਲਾਲਾਬਾਦ ਤੋਂ ਕੋਟਕਪੂਰਾ ਬਰਾਸਤਾ ਸ੍ਰੀ ਮੁਕਤਸਰ ਸਾਹਿਬ ਨੂੰ ਵੀ ਕੌਮੀ ਰਾਜ ਮਾਰਗ ਐਲਾਣਿਆ ਸੀ ਅਤੇ ਇਸ ਨੂੰ ਚੌੜਾ ਕਰਨ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਨੈਸ਼ਨਲ ਹਾਈਵੇ ਦੀ ਕੁੱਲ ਲੰਬਾਈ 62 ਕਿਲੋਮੀਟਰ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਇਸ ਦੇ ਮੱਧ ਵਿਚ ਹੈ। ਇਹ ਜਲਾਲਾਬਾਦ ਤੋਂ ਫਿਰੋਜ਼ਪੁਰ ਫਾਜ਼ਿਲਕਾ ਸੜਕ ਨੂੰ ਰਾਸ਼ਟਰੀ ਰਾਜਮਾਰਗ ਨੰਬਰ 15 ਨਾਲ ਕੋਟਕਪੂਰਾ ਵਿਖੇ ਜੋੜੇਗਾ। ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਸਰਕਾਰੀ ਕਾਲਜ ਤੋਂ ਬਾਈ ਪਾਸ ਵਜੋਂ ਇਹ ਮਾਰਗ ਲੰਘੇਗਾ। ਉਨਾਂ ਦੱਸਿਆ ਕਿ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਅਤੇ ਜਲਾਲਾਬਾਦ ਦੇ ਵਿਚਕਾਰ ਦੀ ਸੜਕ ਦੀ ਚੌੜਾਈ 5.5 ਮੀਟਰ ਹੈ ਜਿਸ ਨੂੰ ਵਧਾ ਕੇ 7 ਮੀਟਰ ਕੀਤਾ ਜਾ ਰਿਹਾ ਹੈ ਜਦੋਂ ਕਿ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਰੋਡ ਜਿਸ ਦੀ ਪਹਿਲਾਂ ਚੌੜਾਈ 7 ਮੀਟਰ ਹੈ ਨੂੰ ਵਧਾ ਕੇ 10 ਮੀਟਰ ਕਰਨ ਦਾ ਕੰਮ ਆਖਰੀ ਪੜਾਅ ਤੇ ਹੈ। ਉਨਾਂ ਦੱਸਿਆ ਕਿ ਇਸ ਸੜਕ ਤੇ ਪਿੰਡ ਵੜਿੰਗ ਕੋਲ ਰਾਜਸਥਾਨ ਨਹਿਰ ਅਤੇ ਸਰਹੰਦ ਫੀਡਰ ਨਹਿਰ ਤੇ ਇਕ ਹੋਰ ਪੁਲ ਦਾ ਨਿਰਮਾਣ ਵੀ ਪਹਿਲਾਂ ਵਾਲੇ ਪੁਲ ਦੇ ਸਮਾਂਤਰ ਕੀਤਾ ਜਾਣਾ ਹੈ।
ਸ: ਜਸਕਿਰਨ ਸਿੰਘ ਨੇ ਦੱਸਿਆ ਕਿ ਇੰਨਾਂ ਸੜਕਾਂ ਦੇ ਰਾਸ਼ਟਰੀ ਰਾਜਮਾਰਗ ਬਣ ਜਾਣ ਨਾਲ ਜ਼ਿਲੇ ਦੇ ਸਰਵਪੱਖੀ ਵਿਕਾਸ ਨੂੰ ਵੱਡਾ ਹੁੰਗਾਰਾ ਮਿਲੇਗਾ ਅਤੇ ਇਲਾਕੇ ਵਿਚ ਨਵੇਂ ਉਦਯੋਗ ਵੀ ਆਉਣਗੇ ਕਿਉਂਕਿ ਨਿਵੇਸਕ ਉਸ ਜਗਾਂ ਉਦਯੋਗ ਸਥਾਪਤੀ ਨੂੰ ਪਹਿਲ ਦਿੰਦੇ ਹਨ ਜਿੱਥੇ ਚੰਗਾ ਸੜਕੀ ਨੈਟਵਰਕ ਹੋਵੇ। ਉਨਾਂ ਕਿਹਾ ਕਿ ਇਸ ਨਾਲ ਜ਼ਿਲੇ ਦੇ ਲੋਕਾਂ ਨੂੰ ਵੀ ਬਿਹਤਰੀ ਸੜਕੀ ਸਹੁਲਤਾਂ ਮਿਲ ਸਕਣਗੀਆਂ। ਇੱਥੇ ਜ਼ਿਕਰਯੋਗ ਹੈ ਕਿ ਹੁਣ ਜ਼ਿਲੇ ਵਿਚ ਕੇਵਲ ਦੋ ਸੜਕਾਂ ਕ੍ਰਮਵਾਰ ਸ੍ਰੀ ਮੁਕਤਸਰ ਸਾਹਿਬ ਗੁਰੂਹਰਸਾਏ ਅਤੇ ਸ੍ਰੀ ਮੁਕਤਸਰ ਸਾਹਿਬ ਅਬੋਹਰ ਰੋਡ ਹੀ ਅਜਿਹੀਆਂ ਰਹਿ ਗਈਆਂ ਹਨ ਜੋ ਕੌਮੀ ਰਾਜ ਮਾਰਗ ਦਾ ਦਰਜਾ ਨਹੀਂ ਰੱਖਦੀਆਂ ਅਤੇ ਇੰਨਾਂ ਤੇ ਟੈ੍ਰਫਿਕ ਵੀ ਮੁਕਾਬਲਤਨ ਘੱਟ ਹੈ ਜਦ ਕਿ ਜ਼ਿਲੇ ਦੀਆਂ ਬਾਕੀ ਸਾਰੀਆਂ ਪ੍ਰਮੁੱਖ ਸੜਕਾਂ ਨੂੰ ਕੌਮੀ ਰਾਜ ਮਾਰਗ ਦਾ ਦਰਜਾ ਮਿਲ ਗਿਆ ਹੈ ਜੋ ਕਿ ਜ਼ਿਲੇ ਲਈ ਮਾਣ ਵਾਲੀ ਗੱਲ ਹੈ।
No comments:
Post a Comment