ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ ਵਿਸਾਖੀ ਮੇਲਾ-ਵਧੀਕ ਡਿਪਟੀ ਕਮਿਸ਼ਨਰ ਜਨਰਲ
ਅਗਾਊਂ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਰੀਵਿਊ ਮੀਟਿੰਗ
ਮੇਲੇ ਦੌਰਾਨ ਨਹੀਂ ਹੋਵੇਗੀ ਕੋਈ ਸਿਆਸੀ ਕਾਨਫ਼ਰੰਸ
ਬਠਿੰਡਾ : ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 14 ਅਪ੍ਰੈਲ ਨੂੰ ਵਿਸਾਖੀ ਮੇਲਾ ਬਹੁਤ ਹੀ ਸ਼ਰਧਾਪੂਰਵਕ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਮੇਲੇ ਦੀਆਂ ਤਿਆਰੀਆਂ ਸਬੰਧੀ ਦਫ਼ਤਰ ਮਿਊਸੀਪਲ ਕਮੇਟੀ, ਤਲਵੰਡੀ ਸਾਬੋ ਵਿਖੇ ਅੱਜ ਇਸ ਸਬੰਧੀ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨਾਂ ਇਹ ਵੀ ਦੱਸਿਆ ਕਿ ਇਸ ਵਾਰ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੇਲੇ ਦੌਰਾਨ ਕੋਈ ਵੀ ਸਿਆਸੀ ਕਾਨਫ਼ਰੰਸ ਨਹੀਂ ਹੋਵੇਗੀ।
ਮੀਟਿੰਗ ਦੌਰਾਨ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਵਲੋਂ ਹਰ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਨੂੰ ਮੇਲੇ ਵਿੱਚ ਲੱਗੀਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਤੇ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਉਨਾਂ ਵਲੋਂ ਮੇਲੇ ਨੂੰ ਹੋਰ ਬਿਹਤਰ ਅਤੇ ਸੁਚੱਜੇ ਤਰੀਕੇ ਨਾਲ ਮਨਾਉਣ ਲਈ ਅਧਿਕਾਰੀਆਂ ਕੋਲੋ ਲੋੜੀਂਦੇ ਸੁਝਾਅ ਵੀ ਲਏ ਗਏ।
ਮੇਲੇ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਰੀਵਿਊ ਕਰਦਿਆਂ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਪੁਲਿਸ ਅਧਿਕਾਰੀਆਂ ਨੂੰ ਮੇਲੇ ਦੌਰਾਨ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਮੇਲੇ ਵਿੱਚ ਮੁੱਖ ਸਥਾਨਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣੇ ਯਕੀਨੀ ਬਣਾਏ ਜਾਣ ਦੇ ਹੁਕਮ ਜਾਰੀ ਕੀਤੇ। ਮੇਲੇ ਦੌਰਾਨ ਆਉਣ ਵਾਲੀਆਂ ਸੰਗਤਾਂ ਦੇ ਵਹੀਕਲਾਂ ਲਈ ਪਾਰਕਿੰਗ ਦੇ ਯੋਗ ਪ੍ਰਬੰਧ ਕਰਨ ਲਈ ਵੀ ਕਿਹਾ ਤਾਂ ਜੋ ਹਰ ਕਿਸਮ ਦੇ ਵਾਹਨਾਂ ਨੂੰ ਖੜੇ ਕਰਨ ਦੀ ਕੋਈ ਵੀ ਸਮੱਸਿਆ ਦਰਪੇਸ਼ ਨਾ ਆਵੇ।
ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸਿੱਧੂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੇਲੇ ਨੂੰ ਆਉਂਦੀਆਂ ਵੱਖ-ਵੱਖ ਮੁੱਖ ਸੜਕਾਂ ਦਾ ਟ੍ਰੈਫਿਕ ਪਲਾਨ ਵੀ ਜਲਦ ਤਿਆਰ ਕੀਤਾ ਜਾਵੇ ਤਾਂ ਜੋ ਮੇਲੇ ਵਿੱਚ ਆਉਣ ਵਾਲੀ ਸੰਗਤਾਂ ਨੂੰ ਇੱਥੇ ਆਉਣ ਸਮੇਂ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸ਼੍ਰੀ ਸਿੱਧੂ ਨੇ ਮੇਲੇ ਮੌਕੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸਬੰਧਤ ਅਧਿਕਾਰੀਆਂ ਨੂੰ ਆਰਜੀ ਬੱਸ ਅੱਡੇ ਤਿਆਰ ਕਰਨ ਅਤੇ ਸਪੈਸ਼ਲ ਬੱਸਾਂ ਚਲਾਉਣ ਲਈ ਨਿਰਦੇਸ਼ ਦਿੱਤੇ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮੇਲੇ ਸਮੇਂ ਭਾਰੀ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਮੁੱਢਲੀ ਸਹਾਇਤਾ ਅਤੇ ਹੋਰ ਜ਼ਰੂਰੀ ਪ੍ਰਬੰਧਾਂ ਨੂੰ ਸਮੇਂ ਸਿਰ ਯਕੀਨੀ ਬਣਾਉਣ ਲਈ ਕਿਹਾ। ਉਨਾਂ ਇਹ ਵੀ ਆਖਿਆ ਕਿ ਐਂਬੂਲੈਂਸ ਗੱਡੀ ਤੇ ਮੈਡੀਕਲ ਟੀਮਾਂ ਦਾ ਖ਼ਾਸ ਪ੍ਰਬੰਧ ਕੀਤਾ ਜਾਵੇ। ਉਨਾਂ ਸਰੋਵਰ ਨੇੜੇ ਐਨ.ਡੀ.ਆਰ.ਐਫ਼ ਦੀ ਮਦਦ ਨਾਲ ਮੁੱਢਲੀ ਸਹਾਇਤਾ ਕੇਂਦਰ ਵੀ ਸਥਾਪਿਤ ਕੀਤੇ ਜਾਣ ਦੀ ਵੀ ਹਦਾਇਤ ਕੀਤੀ।
ਮੇਲੇ ਮੌਕੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਹੋਰ ਲੋੜੀਂਦੇ ਪ੍ਰਬੰਧਾਂ ਬਾਰੇ ਵਧੀਕ ਡਿਪਟੀ ਕਮਿਸ਼ਨਰ ਨੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਪੀਣ ਲਈ ਸਾਫ਼ ਪਾਣੀ ਅਤੇ ਆਰਜ਼ੀ ਪਖ਼ਾਨੇ ਬਣਾਉਣ, ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਾਫ਼ ਸਫ਼ਾਈ ਯਕੀਨੀ ਬਣਾਉਣ, ਪੰਜਾਬ ਰਾਜ ਪਾਵਰਕਾਮ ਨੂੰ ਨਿਰਵਿਘਨ ਬਿਜਲੀ ਸਪਲਾਈ, ਸੀਵਰੇਜ਼ ਬੋਰਡ ਨੂੰ ਸੀਵਰਾਂ ਦੀ ਸਫ਼ਾਈ ਯਕੀਨੀ ਬਣਾਉਣ ਅਤੇ ਵਣ ਵਿਭਾਗ ਨੂੰ ਟ੍ਰੈਫਿਕ ਵਿਚ ਵਿਘਨ ਪਾ ਰਹੇ ਸੜਕਾਂ ਕਿਨਾਰੇ ਲੱਗੇ ਦਰੱਖ਼ਤਾਂ ਨੂੰ ਛਗਾਂਉਣ ਤੋਂ ਇਲਾਵਾ ਬਠਿੰਡਾ ਤੇ ਤਲਵੰਡੀ ਸਾਬੋ ਦੇ ਮੁੱਖ ਚੌਕਾਂ ਦੀ ਸਜਾਵਟ ਕਰਨ ਅਤੇ ਸਵਾਗਤੀ ਗੇਟ ਲਗਾਉਣ ਲਈ ਵੀ ਨਿਰਦੇਸ਼ ਦਿੱਤੇ।
ਇਸ ਮੌਕੇ ਐਸ.ਡੀ.ਐਮ. ਤਲਵੰਡੀ ਸਾਬੋ ਸ਼੍ਰੀ ਬਬਨਦੀਪ ਸਿੰਘ ਵਾਲੀਆ, ਗੁਰੂਦੁਆਰਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੈਨੇਜ਼ਰ ਭਾਈ ਕਰਨ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨਾਂ ਦੇ ਨੁਮਾਇੰਦੇ ਹਾਜ਼ਰ ਸਨ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸਿੱਧੂ ਨੇ ਪੁਲਿਸ ਵਿਭਾਗ ਨੂੰ ਖ਼ਾਸ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਕਿਊਰਟੀ, ਪਾਰਕਿੰਗ ਤੋਂ ਇਲਾਵਾ ਇਸ ਗੱਲ ਦਾ ਵੀ ਖ਼ਾਸ ਖਿਆਲ ਰੱਖਿਆ ਜਾਵੇ ਕਿ ਦੂਰੋਂ-ਨੇੜਿਓ ਚੱਲ ਕੇ ਆਉਣ ਵਾਲੇ ਸ਼ਰਧਾਲੂਆਂ ਨਾਲ ਕਿਸੇ ਵੀ ਕਿਸਮ ਦੀ ਘਟਨਾ ਜਿਵੇਂ ਕਿ ਚੋਰੀ, ਮਿਲਾਵਟੀ ਪ੍ਰਸ਼ਾਦ ਰਾਹੀਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਉਨਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਮੇਲੇ ਦੌਰਾਨ ਕਿਸੇ ਵੀ ਕਿਸਮ ਦੀ ਅਣਹੋਣੀ ਘਟਨਾ ਨਾ ਵਾਪਰੇ ਇਸ ਲਈ ਪ੍ਰਸ਼ਾਸਨ ਅਤੇ ਪੁਲਿਸ ਵਲੋਂ ਪੁਖ਼ਤਾ ਇੰਤਜ਼ਾਮ ਤਾਂ ਕੀਤੇ ਹੀ ਗਏ ਹਨ ਪਰ ਆਮ ਜਨਤਾ ਵੀ ਅਜਿਹੀ ਕਿਸੇ ਘਟਨਾ ਨੂੰ ਵਾਪਰਨ ਤੋਂ ਬਚਾਉਣ ਲਈ ਪੁਲਿਸ ਤੇ ਪ੍ਰਸ਼ਾਸਨ ਦਾ ਸਹਿਯੋਗ ਦੇਵੇ।
No comments:
Post a Comment