ਮਿਲਟਰੀ ਰੰਗ ਦੀ ਵਰਦੀ, ਜੀਪਾਂ, ਮੋਟਰ ਸਾਈਕਲਾਂ ਦੀ ਵਰਤੋਂ 'ਤੇ ਪਾਬੰਦੀ

ਜ਼ਿਲੇ ਵਿੱਚ ਵੱਖ-ਵੱਖ ਪਾਬੰਦੀਆਂ ਲਾਗੂ:ਵਧੀਕ ਜ਼ਿਲਾ ਮੈਜਿਸਟ੍ਰੇਟ
-ਕੈਮਿਸਟ ਨੂੰ ਬਿਨਾਂ ਡਾਕਟਰੀ ਪਰਚੀ ਦੇ ਦਵਾਈਆਂ ਵੇਚਣ ਦੀ ਮਨਾਹੀ
-ਵਿਆਹਾਂ ਮੌਕੇ ਪਟਾਕੇ, ਆਤਿਸ਼ਬਾਜ਼ੀ ਚਲਾਉਣ 'ਤੇ ਮੁਕੰਮਲ ਰੋਕ
-ਪ੍ਰਾਈਵੇਟ ਜਾਂ ਸਰਕਾਰੀ ਬੱਸ ਅੰਦਰ ਸਫ਼ਰ ਦੌਰਾਨ ਅਸ਼ਲੀਲ ਗਾਣੇ ਵਜਾਉਣ 'ਤੇ ਰੋਕ
-ਮਿਲਟਰੀ ਰੰਗ ਦੀ ਵਰਦੀ, ਜੀਪਾਂ, ਮੋਟਰ ਸਾਈਕਲਾਂ ਦੀ ਵਰਤੋਂ 'ਤੇ ਪਾਬੰਦੀ
-ਅਣਪਛਾਤੇ ਵਿਅਕਤੀ ਨੂੰ ਸਾਈਬਰ ਕੈਫੇ, ਐਸ.ਟੀ.ਡੀ/ਪੀ.ਸੀ.ਓ. ਦੀ ਵਰਤੋਂ 'ਤੇ ਰੋਕ
-ਪ੍ਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ 'ਤੇ ਰੱਖਣ ਸਮੇਂ ਸੂਚਨਾ ਨੇੜੇ ਦੇ ਥਾਣੇ ਵਿਚ ਦੇਣ ਸਬੰਧੀ ਹੁਕਮ ਜਾਰੀ
-ਗੋਲਾ ਬਾਰੂਦ ਡਿਪੂ ਮਿਲਟਰੀ ਏਰੀਆ ਦੀ ਹਦੂਦ ਅੰਦਰ ਮਕਾਨਾਂ ਦੀ ਉਸਾਰੀ ਕਰਨ 'ਤੇ ਰੋਕ
-ਪ੍ਰਾਈਵੇਟ ਜਾਂ ਸਰਕਾਰੀ ਬੱਸਾਂ ਦੀ ਓਵਰਲੋਡਿੰਗ 'ਤੇ ਮਨਾਹੀ
ਬਠਿੰਡਾ : ਵਧੀਕ ਜ਼ਿਲਾ ਮੈਜਿਸਟੇ੍ਰਟ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲੇ ਅੰਦਰ ਵੱਖ-ਵੱਖ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਉਨਾਂ ਜ਼ਿਲਾ ਬਠਿੰਡਾ ਦੀ ਹਦੂਦ ਅੰਦਰ ਜ਼ਿਲੇ ਦੇ ਸਾਰੇ ਕੈਮਿਸਟ, ਮੈਡੀਕਲ ਡਰੱਗ ਸਟੋਰ (ਥੋਕ, ਪ੍ਰਚੂਨ) ਆਪਣੇ ਚਾਲੂ ਸਟਾਕ, ਵੇਚ ਤੇ ਖ਼ਰੀਦ ਦਾ ਰਜਿਸਟਰ ਲਾਉਣਗੇ, ਜਿਸ ਨੂੰ ਸਾਰੇ ਕਾਰਜਕਾਰੀ ਮੈਜਿਸਟ੍ਰੇਟ, ਉਪ ਪੁਲੀਸ ਕਪਤਾਨ ਅਤੇ ਇਸ ਤੋਂ ਉਪਰਲੇ ਦਰਜੇ ਦੇ ਪੁਲੀਸ ਅਧਿਕਾਰੀ ਜਾਂ ਹੋਰ ਕੋਈ ਵੀ ਅਧਿਕਾਰਤ ਕੀਤੇ ਵਿਅਕਤੀ ਦੁਆਰਾ ਪੜਤਾਲ ਲਈ ਹਾਜ਼ਰ ਰੱਖਿਆ ਜਾਵੇਗਾ। ਇਸ ਹੁਕਮ ਅਨੁਸਾਰ ਕੋਈ ਵੀ ਕੈਮਿਸਟ ਅਜਿਹੀਆਂ ਜਾਰੀ ਸੂਚੀ ਵਾਲੀਆਂ ਦਵਾਈਆਂ ਬਿਨਾਂ ਡਾਕਟਰ ਦੀ ਪਰਚੀ ਅਤੇ ਪੱਕੇ ਬਿੱਲ ਤੋਂ ਬਿਨਾਂ ਨਹੀਂ ਵੇਚੇਗਾ।
ਇਸੇ ਤਰਾ ਵਧੀਕ ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਗਏ ਹੁਕਮਾਂ ਵਿੱਚ ਕਿਹਾ ਕਿ ਜ਼ਿਲੇ ਵਿੱਚ ਅਮਨ ਤੇ ਕਾਨੂੰਨ ਦੀ ਕਾਇਮੀ ਲਈ ਵਿਆਹਾਂ, ਸ਼ਾਦੀਆਂ ਅਤੇ ਹੋਰ ਸਮਾਗਮਾਂ ਆਦਿ 'ਤੇ ਪਟਾਕੇ, ਆਤਿਸ਼ਬਾਜ਼ੀ ਚਲਾਉਣ 'ਤੇ ਆਰਮ ਫਾਇਰ ਦੀ ਵਰਤੋਂ ਕਰਨ ਉੱਪਰ ਮੁਕੰਮਲ ਪਾਬੰਦੀ ਲਗਾਈ ਗਈ ਹੈ।
ਉਨਾਂ ਅਗਲੇ ਹੁਕਮਾਂ ਵਿੱਚ ਜ਼ਿਲੇ ਦੀ ਹਦੂਦ ਅੰਦਰ ਕਿਸੇ ਵੀ ਪ੍ਰਾਈਵੇਟ ਜਾਂ ਸਰਕਾਰੀ ਬੱਸ ਅੰਦਰ ਸਫ਼ਰ ਦੌਰਾਨ ਅਸ਼ਲੀਲ ਗਾਣੇ ਵਜਾਉਣ 'ਤੇ ਰੋਕ ਲਗਾਈ ਗਈ ਹੈ।
ਜਾਰੀ ਇੱਕ ਹੋਰ ਹੁਕਮ ਰਾਹੀਂ ਵਧੀਕ ਜ਼ਿਲਾ ਮੈਜਿਸਟਰੇਟ ਨੇ ਜ਼ਿਲੇ ਅੰਦਰ ਉਲਾਈਵ ਗਰੀਨ ਰੰਗ ਦੀ ਮਿਲਟਰੀ ਵਰਦੀ ਅਤੇ ਉਲਾਈਵ ਗਰੀਨ ਰੰਗ (ਮਿਲਟਰੀ ਰੰਗ) ਦੀਆਂ ਜੀਪਾਂ, ਮੋਟਰਸਾਈਕਲਾਂ ਅਤੇ ਮੋਟਰ ਗੱਡੀਆਂ ਦੀ ਵਰਤੋਂ ਦੀ ਮਨਾਹੀ ਕੀਤੀ ਹੈ।
ਸ਼੍ਰੀ ਸਿੱਧੂ ਨੇ ਹੋਰ ਹੁਕਮ ਜਾਰੀ ਕਰਦਿਆਂ ਸਾਈਬਰ ਕੈਫੇ ਅਤੇ ਐਸ.ਟੀ.ਡੀ/ਪੀ.ਸੀ.ਓ ਮਾਲਕਾਂ ਨੂੰ ਕਿਸੇ ਅਣਜਾਣ ਵਿਅਕਤੀ ਜਿਸਦੀ ਪਹਿਚਾਣ ਸਾਈਬਰ ਕੈਫੇ ਅਤੇ ਐਸ. ਟੀ. ਡੀ/ਪੀ. ਸੀ. ਓ ਦੇ ਮਾਲਕ ਵਲੋਂ ਨਹੀਂ ਕੀਤੀ ਗਈ, ਸਾਈਬਰ ਕੈਫੇ ਅਤੇ ਐਸ. ਟੀ. ਡੀ/ਪੀ. ਸੀ. ਓ ਦੀ ਵਰਤੋਂ ਕਰਨ ਤੋਂ ਰੋਕ ਲਗਾਈ ਜਾਵੇ। ਵਰਤੋਂ ਕਰਨ/ਆਉਣ ਵਾਲੇ ਵਿਅਕਤੀ ਦੀ ਪਹਿਚਾਣ ਦੇ ਰਿਕਾਰਡ ਲਈ ਰਜਿਸਟਰ ਲਾਇਆ ਜਾਵੇ ਤੇ ਉਸ ਵਿਚ ਉਸ ਦਾ ਨਾਂ, ਘਰ ਦਾ ਪਤਾ, ਟੈਲੀਫੋਨ ਨੰਬਰ ਅਤੇ ਪਹਿਚਾਣ ਸਬੰਧੀ ਸਬੂਤ ਦਾ ਇੰਦਰਾਜ ਕੀਤਾ ਜਾਵੇ। ਰਜਿਸਟਰ ਵਿਚ ਉਸ ਦੇ ਦਸਤਖਤ/ਨਿਸ਼ਾਨ ਅੰਗੂਠਾ ਵੀ ਕਰਵਾਏ ਜਾਣ। ਐਕਟੀਵਿਟੀ ਸਰਵਰ ਲੋਗ ਮੁੱਖ ਸਰਵਰ ਵਿਚ ਸੁਰੱਖਿਅਤ ਹੋਵੇਗਾ ਅਤੇ ਇਸ ਦਾ ਰਿਕਾਰਡ ਮੁੱਖ ਸਰਵਰ ਵਿਚ ਘੱਟੋ-ਘੱਟ ਛੇ ਮਹੀਨਿਆਂ ਲਈ ਸੁਰੱਖਿਅਤ ਰੱਖਿਆ ਜਾਵੇ। ਸ਼ੱਕੀ ਵਿਅਕਤੀ ਬਾਰੇ ਸਬੰਧਿਤ ਥਾਣੇ ਨੂੰ ਸੂਚਿਤ ਕੀਤਾ ਜਾਵੇ ਅਤੇ ਕਿਸੇ ਵਿਅਕਤੀ ਵਲੋਂ ਵਰਤੇ ਗਏ ਵਿਸ਼ੇਸ਼ ਕੰਪਿਊਟਰ ਬਾਰੇ ਰਿਕਾਰਡ ਸੰਭਾਲ ਕੇ ਰੱਖਿਆ ਜਾਵੇ।
ਅਗਲੇ ਹੁਕਮਾਂ ਵਿੱਚ ਵਧੀਕ ਜ਼ਿਲਾ ਮੈਜਿਸਟੇ੍ਰਟ ਨੇ ਜ਼ਿਲੇ ਅੰਦਰ ਕਾਰਖਾਨੇਦਾਰਾਂ, ਵਪਾਰੀਆਂ, ਕਾਰੋਬਾਰੀਆਂ, ਕਿਸਾਨਾਂ ਤੇ ਆਮ ਲੋਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ 'ਤੇ ਰੱਖੇ ਜਾਣ ਤੋਂ ਪਹਿਲਾਂ ਉਨਾਂ ਦੀ ਸੂਚਨਾ, ਨਾਂਅ ਅਤੇ ਪਤੇ ਟਿਕਾਣੇ ਨੇੜੇ ਦੇ ਪੁਲਿਸ ਥਾਣੇ ਵਿਚ ਦੇਣ। ਇਸੇ ਤਰਾਂ ਹੋਟਲਾਂ/ਰੈਸਟੋਰੈਂਟਾਂ/ਧਰਮਸ਼ਾਲਾਵਾਂ ਦੇ ਮਾਲਕਾਂ/ਮੈਨੇਜਰਾਂ ਲਈ ਉਥੇ ਠਹਿਰਣ ਵਾਲੇ ਵਿਅਕਤੀਆਂ ਦੀ ਸ਼ਨਾਖਤ ਸਬੰਧੀ ਕੋਈ ਸਬੂਤ ਲੈਣਾ ਅਤੇ ਉਸ ਸਬੂਤ ਬਾਰੇ ਐਂਟਰੀ ਰਜਿਸਟਰ ਵਿਚ ਇੰਦਰਾਜ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਗਏ ਹੋਰ ਹੁਕਮਾਂ ਵਿੱਚ ਕਿਹਾ ਕਿ ਗੋਲਾ ਬਾਰੂਦ ਡਿਪੂ ਮਿਲਟਰੀ ਏਰੀਆ ਬਠਿੰਡਾ ਦੇ 1200 ਗਜ਼ ਦੀ ਹਦੂਦ ਅੰਦਰ ਕਿਸੇ ਤਰਾਂ ਦੀ ਮਕਾਨਾਂ ਦੀ ਉਸਾਰੀ ਕਰਨ 'ਤੇ ਰੋਕ ਲਗਾਈ ਹੈ। ਹੁਕਮ ਵਿੱਚ ਕਿਹਾ ਗਿਆ ਕਿ ਇਹ ਪਾਬੰਦੀ ਵਰਕ ਆਫ ਡੀਫੈਂਸ ਐਕਟ 1903 ਅਤੇ ਹੋਰ ਹਦਾਇਤਾਂ ਵਿੱਚ ਦਿੱਤੀਆਂ ਗਈਆਂ ਸ਼ਰਤਾਂ ਅਤੇ ਪ੍ਰਾਵਧਾਨਾ ਦੇ ਹਿਸਾਬ ਨਾਲ ਲਾਗੂ ਹੋਵੇਗੀ।
ਸ਼੍ਰੀ ਸਿੱਧੂ ਵਲੋਂ ਜਾਰੀ ਕੀਤੇ ਅਗਲੇ ਹੁਕਮਾਂ ਵਿਚ ਕਿਹਾ ਕਿ ਪ੍ਰਾਈਵੇਟ ਜਾਂ ਸਰਕਾਰੀ ਬੱਸਾਂ ਦੇ ਡਰਾਇਵਰਾਂ/ਕੰਡਕਟਰਾਂ ਵਲੋਂ ਸਫ਼ਰ ਦੌਰਾਨ ਬੱਸਾਂ ਨੂੰ ਓਵਰਲੋਡ ਕੀਤਾ ਜਾਂਦਾ ਹੈ ਅਤੇ ਬੱਸਾਂ ਦੀਆਂ ਛੱਤਾਂ ਉਪਰ ਵਿਦਿਆਰਥੀਆਂ/ਸਵਾਰੀਆਂ ਨੂੰ ਬਿਠਾ ਕੇ ਅਤੇ ਬੱਸਾਂ ਦੀਆਂ ਪਿਛਲੀਆਂ ਪੌੜੀਆਂ ਜਾਂ ਬੱਸਾਂ ਦੀਆਂ ਬਾਰੀਆਂ (ਦਰਵਾਜਿਆਂ) 'ਤੇ ਸਵਾਰੀਆਂ ਨੂੰ ਲਮਕਾ ਕੇ ਬੱਸਾਂ ਚਲਾਈਆਂ ਜਾਂਦੀਆਂ ਹਨ। ਜਿਸ ਨਾਲ ਕਿਸੇ ਵੀ ਸਮੇਂ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਅਤੇ ਮਨੁੱਖੀ ਜ਼ਿੰਦਗੀ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਨਾਲ ਅਮਨ ਤੇ ਸ਼ਾਂਤੀ ਵੀ ਭੰਗ ਹੋ ਸਕਦੀ ਹੈ ਅਤੇ ਆਮ ਜਨਤਾ ਦਾ ਜਾਨੀ/ਮਾਲੀ ਨੁਕਸਾਨ ਹੋ ਸਕਦਾ ਹੈ। ਇਸ ਲਈ ਅਜਿਹੀਆਂ ਅਣਸੁਖਾਵੀਂ ਘਟਨਾਵਾਂ ਨੂੰ ਰੋਕਣ ਲਈ ਅਜਿਹੀਆਂ ਗਤੀਵਿਧੀਆਂ 'ਤੇ ਜ਼ਿਲੇ ਅੰਦਰ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਂਦੀ ਹੈ।
ਇਹ ਹੁਕਮ 31 ਮਈ 2019 ਤੱਕ ਲਾਗੂ ਰਹਿਣਗੇ

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई